ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) : ਪ੍ਰਤਾਪਗੜ੍ਹ ਦੇ ਕੁੰਡਾ ਤੋਂ ਆਜ਼ਾਦ ਉਮੀਦਵਾਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਿਨਟ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਸਮੇਤ 10 ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤੋਂ ਐਨ ਪਹਿਲਾਂ ਐਤਵਾਰ ਨੂੰ ਨਜ਼ਰਬੰਦ ਕਰਨ ਦਾ ਹੁਕਮ ਦੇ ਦਿਤਾ।
ਜ਼ਿਲ੍ਹਾ ਅਧਿਕਾਰੀ ਮਾਰਕੰਡੇ ਸ਼ਾਹੀ ਨੇ ਦਸਿਆ ਕਿ ਪ੍ਰਤਾਪਗੜ੍ਹ ਦੇ ਕੌਸ਼ਮਬੀ ਲੋਕ ਸਭਾ ਸੀਟ ਤੋਂ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਰਾਜਾ ਭਈਆ ਅਤੇ ਬਾਬਾਗੰਜ ਸੀਟ ਤੋਂ ਵਿਧਾਇਕ ਵਿਨੋਦ ਸਰੋਜ ਸਣੇ 10 ਲੋਕਾਂ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਿਰਫ਼ ਵੋਟ ਕਰਨ ਦੀ ਛੂਟ ਦਿਤੀ ਗਈ ਹੈ। ਕੌਸ਼ਮਬੀ ਵਿਚ ਸੋਮਵਾਰ ਨੂੰ ਵੋਟਾਂ ਹੋਣਗੀਆਂ।
ਉਨ੍ਹਾਂ ਦਸਿਆ ਕਿ ਕੌਸ਼ਮਬੀ ਲੋਕ ਸਭਾ ਹਲਕੇ 'ਚ ਪ੍ਰਤਾਪਗੜ੍ਹ ਦੇ ਦੋ ਵਿਧਾਨ ਸਭਾ ਹਲਕੇ ਕੁੰਡਾ ਅਤੇ ਬਾਬਾਗੰਜ ਵੀ ਆਉਂਦੇ ਹਨ। ਬਹੁਬਲੀ ਅਕਸ ਵਾਲੇ ਰਾਜਾ ਭਈਆ ਕੁੰਡਾ ਤੋਂ ਵਿਧਾਇਕ ਹਨ। ਉਹ ਸੂਬੇ ਦੇ ਖ਼ਾਦ ਅਤੇ ਰਸਦ ਮੰਤਰੀ ਵੀ ਰਹਿ ਚੁੱਕੇ ਹਨ।